ਮਨਿਸਟਰੀਅਲ ਕਾਮਿਆਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ ਤੇ ਦਿੱਤਾ ਮੰਗ ਪੱਤਰ
9PB NEWS:- ਸ਼੍ਰੀ ਮੁਕਤਸਰ ਸਾਹਿਬ
( ਗੁਰਜੰਟ ਸਿੰਘ ) ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵੱਲੋਂ ਅੱਜ ਜਿਲ੍ਹਾ ਪ੍ਰਧਾਨ ਖੁਸ਼ਕਰਨਜੀਤ ਸਿੰਘ ਦੀ ਅਗਵਾਈ ਹੇਠ ਦਫ਼ਤਰ ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਦੇ ਬਾਹਰ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਨੇ ਵੀ ਡੀ.ਸੀ. ਦਫ਼ਤਰ ਕਾਮਿਆਂ ਸਮੇਤ ਭਰਵੀਂ ਸ਼ਮੂਲੀਅਤ ਕੀਤੀ। ਇਸ ਮੌਕੇ ਕਰਮਚਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਪੇਅ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੇਣ, ਮਹਿੰਗਾਈ ਭੱਤੇ ਜਾਰੀ ਕਰਨ ਅਤੇ ਪਹਿਲਾਂ ਵਾਲੀ ਸਰਕਾਰ ਵੱਲੋਂ ਬੰਦ ਕੀਤੇ ਭੱਤਿਆਂ ਨੂੰ ਬਹਾਲ ਕਰਨ ਆਦਿ ਦੀਆਂ ਗਰੰਟੀਆਂ ਦੇ ਕੇ ਸੱਤਾ ਵਿੱਚ ਪੈਰ ਰੱਖਿਆ ਗਿਆ ਸੀ ਪ੍ਰੰਤੂ 4 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਉਪਰੰਤ ਵੀ ਮੁਲਾਜ਼ਮਾਂ ਦੇ ਹੱਥ ਖਾਲੀ ਹੀ ਹਨ। ਇਸ ਮੌਕੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਆਪ ਸਰਕਾਰ ਨੂੰ ਸੱਤਾ ਵਿੱਚ ਆਉਣ ਉਪਰੰਤ ਮੁਲਾਜ਼ਮ ਵਰਗ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸਮੇਂ—ਸਮੇਂ ਤੇ ਮੰਗ ਪੱਤਰਾਂ ਅਤੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਇਨ੍ਹਾਂ ਦੀ ਪੂਰਤੀ ਲਈ ਮੀਟਿੰਗਾਂ ਦਾ ਸਮਾਂ ਮੰਗਿਆ ਗਿਆ ਸੀ ਪ੍ਰੰਤੂ ਸਰਕਾਰ ਨੇ ਜਥੇਬੰਦੀ ਨੂੰ ਕੋਈ ਵੀ ਸਮਾਂ ਨਹੀਂ ਦਿੱਤਾ ਜਿਸ ਕਾਰਨ ਮੁਲਾਜ਼ਮਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਸਰਕਾਰ ਦੇ ਇਸ ਰਵੱਈਏ ਕਾਰਨ ਮਿਤੀ 9/7/2022 ਨੂੰ ਯੂਨੀਅਨ ਦੀ ਮੀਟਿੰਗ ਸੱਦੀ ਗਈ ਸੀ, ਜਿਸ ਉਪਰੰਤ ਸਰਕਾਰ ਪਾਸੋਂ 24/7/2022 ਤੱਕ ਪੈਨਲ ਮੀਟਿੰਗ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਸਰਕਾਰ ਵੱਲੋਂ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ, ਜਿਸਦੇ ਰੋਸ ਵਜੋਂ ਅੱਜ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਗਈ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਕਰਮਚਾਰੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਲੋੜੀਂਦੀ ਕਾਰਵਾਈ ਨਾ ਕੀਤੀ ਤਾਂ ਮਿਤੀ 30/7/2022 ਨੂੰ ਜਥੇਬੰਦੀ ਵੱਲੋਂ ਅਗਲਾ ਸੰਘਰਸ਼ ਉਲੀਕਿਆ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਸੀ. ਦਫ਼ਤਰ ਰਜਿੰਦਰ ਸਿੰਘ ਬੁੱਟਰ, ਸੁਰਿੰਦਰ ਕੁਮਾਰ, ਜਗਤਾਰ ਸਿੰਘ, ਜਗਪ੍ਰੀਤ ਸਿੰਘ, ਦੀਪਕ ਕੁਮਾਰ, ਕੁਲਵੰਤ ਕੌਰ, ਰੁਪਾਲੀ, ਸੁਖਪਾਲ ਕੌਰ, ਕੁਲਵਿੰਦਰ ਕੌਰ ਪੰਜਾਬ ਰੋਡਵੇਜ਼ ਵਿਭਾਗ ਤੋਂ ਗੁਰਮੀਤ ਸਿੰਘ, ਪਵਨ ਕੁਮਾਰ, ਪਬਲਿਕ ਹੈਲਥ ਤੋਂ ਤਲਵਿੰਦਰ ਸਿੰਘ, ਜਬਰਜੰਗ ਸਿੰਘ, ਖੇਤੀਬਾੜੀ ਵਿਭਾਗ ਤੋਂ ਅਸ਼ੋਕ ਕੁਮਾਰ, ਜਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਤੋਂ ਬਲਜਿੰਦਰ ਸਿੰਘ, ਪਰਮਜੀਤ ਸਿੰਘ, ਐਕਸਾਈਜ਼ ਵਿਭਾਗ ਤੋਂ ਭਾਰਤ ਭੂਸ਼ਨ ਤੋਂ ਇਲਾਵਾ ਵੱਖ—ਵੱਖ ਵਿਭਾਗਾਂ ਤੋਂ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੇ ਭਾਗ ਲਿਆ।
Comments
Post a Comment