ਸਾਂਝੇ ਮਜ਼ਦੂਰ ਮੋਰਚੇ' ਵੱਲੋਂ 9 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਧਰਨੇ ਲਈ ਲਾਮਬੰਦੀ ਸ਼ੁਰੂ

ਭਗਵੰਤ ਮਾਨ 'ਤੇ ਮਜ਼ਦੂਰਾਂ ਨੂੰ ਅਣਗੋਲਿਆਂ ਕਰਨ ਦਾ ਦੋਸ਼

9PB NEWS:- ਮੁਕਤਸਰ( ਗੁਰਜੰਟ ਸਿੰਘ ਭੱਟੀ )ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਸਸਤੇ ਭਾਅ ਪਟੇ 'ਤੇ ਲੈਣ, ਮਜ਼ਦੂਰਾਂ ਦੀ ਦਿਹਾੜੀ ਤੇ ਝੋਨਾ ਲਵਾਈ ਦੇ ਰੇਟਾਂ ਚ ਵਾਧਾ ਕਰਨ,ਨਰਮੇ ਦੀ ਚੁਗਾਈ ਦਾ ਮੁਆਵਜਾ ਲੈਣ   , ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਾਉਣ ਤੇ ਜ਼ਮੀਨੀ ਹੱਦਬੰਦੀ ਕਾਨੂੰਨ ਲਾਗੂ ਕਰਕੇ ਵਾਧੂ ਜ਼ਮੀਨਾਂ ਦੀ ਵੰਡ ਬੇਜ਼ਮੀਨੇ ਮਜ਼ਦੂਰਾਂ ਕਿਸਾਨਾਂ ਚ ਕਰਾਉਣ ਆਦਿ ਮੰਗਾਂ ਨੂੰ ਮਜ਼ਦੂਰ ਲੈਕੇ 4 ਮਜਦੂਰ ਜਥੇਬੰਦੀਆਂ ਵੱਲੋਂ 9 ਜੂਨ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਦਿੱਤੇ ਜਾਣ ਵਾਲੇ ਸਾਂਝੇ ਸੂਬਾਈ ਧਰਨੇ ਦੀ ਤਿਆਰੀ ਸਬੰਧੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਦਬੜਾ ਵਿਖੇ ਜਿਲ੍ਹਾ ਕਾਰਜਕਾਰੀ ਪ੍ਰਧਾਨ ਗੁਰਜੰਟ ਸਿੰਘ ਸਾਉਕੇ ਦੀ ਪ੍ਰਧਾਨਗੀ ਹੇਠ ਜਿਲ੍ਹਾ ਕਮੇਟੀ ਦੀ  ਮੀਟਿੰਗ ਕੀਤੀ ਗਈ ।

ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਿਲ੍ਹਾ  ਜਨਰਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਅਤੇ ਕਾਲਾ ਸਿੰਘ ਖੂਨ਼ਣ ਖੁਰਦ ਨੇ ਆਖਿਆ ਕਿ  ਖੇਤੀ ਖੇਤਰ 'ਚ ਮੜੇ ਗਏ ਹਰੀ ਕ੍ਰਾਂਤੀ ਦੇ ਮਾਡਲ ਨੇ ਨਾਂ ਸਿਰਫ ਖੇਤ ਮਜ਼ਦੂਰਾਂ ਦੇ ਰੁਜ਼ਗਾਰ ਤੇ ਪਸ਼ੂ ਪਾਲਣ ਦੇ ਧੰਦੇ ਨੂੰ ਵੱਡੀ ਫੇਟ ਮਾਰਕੇ ਮਜ਼ਦੂਰਾਂ ਨੂੰ ਕਰਜ਼ਿਆਂ ਤੇ ਖੁਦਕੁਸ਼ੀਆਂ ਦੇ ਬੋਝ ਹੇਠ ਦੱਬ ਦਿੱਤਾ ਹੈ ਸਗੋਂ ਵਾਤਾਵਰਨ ਦੀ ਤਬਾਹੀ ਅਤੇ ਲੋਕਾਂ ਨੂੰ ਚਿੰਬੜੀਆਂ ਕੈਂਸਰ ਤੇ ਕਾਲੇ ਪੀਲੀਏ ਵਰਗੀਆਂ ਨਾਮੁਰਾਦ ਬਿਮਾਰੀਆਂ ਲਈ ਵੀ ਮੌਜੂਦਾ ਖੇਤੀ ਮਾਡਲ ਹੀ ਮੁੱਖ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ  ਬਦਲਾਅ ਦਾ ਝਾਂਸਾ ਦੇ ਕੇ ਸਤਾ 'ਚ ਆਈ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਵੀ ਖੇਤ ਮਜ਼ਦੂਰਾਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਹੈ। ਜਿਲ੍ਹਾ ਆਗੂ ਬਾਜ਼ ਸਿੰਘ ਭੁੱਟੀ ਵਾਲਾ ,ਕਾਕਾ ਸਿੰਘ ਖੁੰਡੇ ਹਲਾਲ ਅਤੇ ਰਾਜਾ ਸਿੰਘ ਖੂਨ਼ਣ ਖੁਰਦ ਨੇ ਕਿਹਾ ਕਿ ਮਜ਼ਦੂਰਾਂ ਦੀ ਆਰਥਿਕ ਤੇ ਸਮਾਜਿਕ ਤਰੱਕੀ ਲਈ ਖੇਤੀ ਦਾ ਮੌਜੂਦਾ ਮਾਡਲ ਬਦਲਣ, ਮਜ਼ਦੂਰਾਂ ਦੇ ਪੱਕੇ ਰੁਜ਼ਗਾਰ ਦੀ ਗਰੰਟੀ ਕਰਨ, ਜ਼ਮੀਨੀ ਹੱਦਬੰਦੀ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਕੇ ਵਾਧੂ ਜ਼ਮੀਨਾਂ ਦੀ ਵੰਡ ਖੇਤ ਮਜ਼ਦੂਰਾਂ ਚ ਕਰਨ, ਖੇਤੀ ਅਧਾਰਿਤ ਰੁਜ਼ਗਾਰ ਮੁਖੀ ਸਨਅਤਾਂ ਲਾਉਣ ਅਤੇ ਮਜ਼ਦੂਰਾਂ ਸਿਰ ਮਾਈਕਰੋਫਾਈਨਾਸ ਕੰਪਨੀਆਂ ਸਮੇਤ ਚੜ੍ਹੇ ਸਮੁੱਚੇ ਕਰਜ਼ੇ ਮੁਆਫ਼ ਕਰਨ ਵਰਗੇ ਕਦਮ ਚੁੱਕਣ ਦੀ ਤੱਦੀ ਭਰੀ ਲੋੜ ਹੈ। ਉਹਨਾਂ ਕਿਹਾ ਕਿ ਹਕੂਮਤਾਂ ਨੂੰ ਅਜਿਹੇ ਮਜ਼ਦੂਰ ਕਿਸਾਨ ਤੇ ਲੋਕ ਪੱਖੀ ਕਦਮ ਚੁੱਕਣ ਲਈ ਮਜਬੂਰ ਕਰਨ ਵਾਸਤੇ ਵਿਸ਼ਾਲ, ਸਾਂਝੇ ਤੇ ਸਿਰੜੀ ਘੋਲਾਂ ਦੀ ਅਣਸਰਦੀ ਲੋੜ ਹੈ ਇਸ ਲਈ ਝੋਨਾ ਲਵਾਈ ਤੇ ਮਜ਼ਦੂਰੀ ਦੇ ਰੇਟਾਂ ਚ ਵਾਧੇ ਦੇ ਮਾਮਲੇ ਨੂੰ ਲੈਕੇ ਮਜ਼ਦੂਰਾਂ ਕਿਸਾਨਾਂ 'ਚ ਜਾਤਪਾਤੀ ਪਾਟਕ ਪਾਉਣ ਵਾਲੀਆਂ ਤਾਕਤਾਂ ਨੂੰ ਮਾਤ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਐਮ ਐਸ ਪੀ ਮੰਗਣ ਦਾ ਹੱਕ ਹੈ ਤਾਂ ਖੇਤ ਮਜ਼ਦੂਰਾਂ ਨੂੰ ਆਪਣੀ ਸੁੱਚੀ ਕਿਰਤ 'ਚ ਵਾਧੇ ਦੀ ਮੰਗ ਕਰਨ ਦਾ ਪੂਰਾ ਅਧਿਕਾਰ ਹੈ। ਉਹਨਾਂ ਕਿਹਾ ਕਿ 9 ਜੂਨ ਦੇ ਧਰਨੇ 'ਚ ਝੋਨਾ ਲਵਾਈ ਦਾ ਰੇਟ 6000 ਰੁਪਏ ਦੇਣ ਦੀ ਮੰਗ ਜ਼ੋਰ ਨਾਲ ਉਭਾਰੀ ਜਾਵੇਗੀ ਪਰ ਛੇ ਹਜ਼ਾਰ ਤੋਂ ਘੱਟ ਮਿਲਣ ਵਾਲੇ ਰੇਟ ਦੀ ਭਰਪਾਈ ਸਰਕਾਰ ਤਰਫ਼ੋਂ ਕਰਨ ਦੀ ਮੰਗ ਤੇ ਜ਼ੋਰ ਦਿੱਤਾ ਜਾਵੇਗਾ।

ਉਹਨਾਂ ਕਿਹਾ  ਕਿ ਧਰਨੇ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਦਸ ਦਸ ਮਰਲੇ ਪਲਾਟ ਅਤੇ ਮਕਾਨ ਉਸਾਰੀ ਲਈ ਗਰਾਂਟ ਜਾਰੀ ਕਰਵਾਉਣ ,  ਮਨਰੇਗਾ ਤਹਿਤ ਪੂਰਾ ਸਾਲ ਕੰਮ ਦੇਣ  ਅਤੇ ਦਿਹਾੜੀ 700 ਰੁਪਏ ਕਰਨ ,ਸੰਘਰਸ਼ ਦਰਮਿਆਨ ਮਜ਼ਦੂਰਾਂ ਉੱਤੇ ਬਣੇ ਕੇਸਾ ਨੂੰ ਵਾਪਸ ਕਰਾਉਣ  , ਮਜਦੂਰਾਂ/ਦਲਿਤਾਂ  ਉਪਰ ਹੁੰਦੇ ਜਗੀਰੂ ਜਬਰ ਨੂੰ ਰੋਕਣ ਅਤੇ  ਐਸ ਸੀ / ਐਸ ਟੀ ਐਕਟ ਤਹਿਤ ਦਰਜ਼ ਹੋਏ ਪਰਚਿਆਂ ਦੇ  ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ ਜਾਵੇਗੀ। ਇਸ ਮੌਕੇ  ਆਗੂਆਂ ਨੇ ਐਲਾਨ ਕੀਤਾ ਕਿ 9 ਜੂਨ ਦੇ ਸੂਬਾਈ ਧਰਨੇ 'ਚ ਇਲਾਕੇ ਚੋਂ ਵੱਡੀ ਗਿਣਤੀ ਮਜ਼ਦੂਰ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ।


Comments

Popular posts from this blog

ਪੱਤਰਕਾਰ ਭਾਈਚਾਰੇ ਤੇ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਧਰਨੇ ਸ਼ੁਰੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ !