ਵੋਟ ਸਾਡਾ ਸੰਵਿਧਾਨਕ ਅਧਿਕਾਰ ਹੈ, ਇਸਦੀ ਵਰਤੋਂ ਜਰੂਰ ਕਰੋ : ਡਾ. ਮੀਨਾਕਸ਼ੀ
ਵੋਟ ਸਾਡਾ ਸੰਵਿਧਾਨਕ ਅਧਿਕਾਰ ਹੈ, ਇਸਦੀ ਵਰਤੋਂ ਜਰੂਰ ਕਰੋ : ਡਾ. ਮੀਨਾਕਸ਼ੀ
-- ਸੰਵਿਧਾਨ ਦੀ ਪ੍ਰਸਤਾਵਨਾ ਦਿਖਾ ਕੇ ਕੀਤਾ ਜਾਗਰੂਕ --
ਸ਼੍ਰੀ ਮੁਕਤਸਰ ਸਾਹਿਬ, 16 ਫਰਵਰੀ ( ਮਨਪ੍ਰੀਤ ਮੋਨੂੰ ) ਸਥਾਨਕ ਚੱਕ ਬੀੜ ਸਰਕਾਰ ਰੋਡ ਸਥਿਤ ਭਾਰਤੀ ਹਸਪਤਾਲ ਵਿਖੇ ਔਰਤਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਲਈ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਹਸਪਤਾਲ ਦੀ ਸੰਚਾਲਕਾ ਜਨਰਲ ਅਤੇ ਇਸਤਰੀ ਰੋਗਾਂ ਦੀ ਪ੍ਰਸਿਧ ਮਾਹਿਰ ਡਾ. ਮੀਨਾਕਸ਼ੀ ਭਾਰਤੀ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਪ੍ਰੀਤ ਕੌਰ, ਕੁਲਦੀਪ ਕੌਰ, ਸਰਬਜੀਤ ਕੌਰ, ਬਿਮਲਾ ਦੇਵੀ, ਸੁਨੀਤਾ, ਪ੍ਰੋ. ਵੰਦਨਾ, ਜਯੋਤਸਨਾ, ਸੰਤੋਸ਼ ਭਾਰਤੀ, ਸੁਨੀਤਾ, ਨੇਹਾ ਭਾਰਤੀ, ਬਲਵਿੰਦਰ ਕੌਰ, ਮਨਪ੍ਰੀਤ ਅਤੇ ਅੰਜਲੀ ਆਦਿ ਮੌਜੂਦ ਸਨ। ਮੀਟਿੰਗ ਦੌਰਾਨ ਸਭ ਇਸਤਰੀਆਂ ਨੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਾਲੇ ਪੋਸਟਰ ਆਪਣੇ ਹੱਥਾਂ ਵਿਚ ਫੜੇ ਹੋਏ ਸਨ। ਇਸ ਸਮੇਂ ਆਪਣੇ ਸੰਬੋਧਨ ਵਿਚ ਡਾ. ਮੀਨਾਕਸ਼ੀ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨਿਰਮਾਤਾ ਮਹਾਨ ਵਿਦਵਾਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਔਰਤਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਸੀ। ਇਸ ਤੋਂ ਪਹਿਲਾਂ ਔਰਤਾਂ ਵੋਟ ਨਹੀਂ ਪਾ ਸਕਦੀਆਂ ਸਨ। ਦੇਸ਼ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਪ੍ਰਭੂ ਸੰਪਨ, ਧਰਮ ਨਿਰਪੱਖ ਅਤੇ ਲੋਕ ਰਾਜੀ ਗਣਤੰਤਰ ਦੇ ਅਹਿਦ ਬਾਰੇ ਲਿਖਿਆ ਹੈ। ਪ੍ਰਸਤਾਵਨਾ ਅਨੁਸਾਰ ਸਾਰਿਆਂ ਲਈ ਨਿਆਂ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਆਜ਼ਾਦੀ ਆਦਿ ਦੇਣ ਬਾਰੇ ਗੱਲ ਕਹੀ ਗਈ ਹੈ। ਅਜਿਹਾ ਤਾਂ ਹੀ ਸੰਭਵ ਜੇ ਅਸੀਂ ਆਪਣੇ ਵੋਟ ਦੀ ਸਹੀ ਢੰਗ ਨਾਲ ਵਰਤੋਂ ਕਰੀਏ। ਵੋਟ ਸਾਡਾ ਸੰਵਿਧਾਨਕ ਅਧਿਕਾਰ ਹੈ। ਸਾਨੂੰ ਸਾਰਿਆਂ ਨੂੰ ਕਿਸੇ ਤਰਾਂ ਦੇ ਵੀ ਡਰ, ਦਬਾਅ ਜਾਂ ਲਾਲਚ ਤੋਂ ਬਿਨਾਂ ਆਪਣੀ ਮਰਜੀ ਨਾਲ ਸਹੀ ਢੰਗ ਨਾਲ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਨੇ ਔਰਤਾਂ ਸਮੇਤ ਸਮੂਹ ਵੋਟਰਾਂ ਨੂੰ ਆਉਂਦੀ 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨਾਂ ਅੱਗੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਸੂਝ, ਬੂਝ ਅਤੇ ਸਮਝ ਨਾਲ ਆਪਣੀ ਪਸੰਦ ਦੇ ਵਿਅਕਤੀ ਨੂੰ ਵੋਟ ਪਾਉਣੀ ਚਾਹੀਦੀ ਹੈ। ਇਸਦੇ ਨਾਲ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਹੀ ਡਾ. ਅੰਬੇਡਕਰ ਦੀ ਸੋਚ ’ਤੇ ਪਹਿਰਾ ਦਿਤਾ ਜਾ ਸਕਦਾ ਹੈ ਅਤੇ ਉਨਾਂ ਵੱਲੋਂ ਕਲਪਨਾ ਕੀਤੇ ਗਏ ਭਾਰਤ ਦੀ ਸਿਰਜਨਾ ਕੀਤੀ ਜਾ ਸਕਦੀ ਹੈ। ਮੀਟਿੰਗ ਦੌਰਾਨ ਸਮੂਹ ਬੁਲਾਰਿਆਂ ਨੇ ਸਮੂਹ ਵੋਟਰਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਉਨਾਂ ਨੇ ਵੋਟਾਂ ਵਾਲੇ ਦਿਨ ਸੁਭਾ ਸਵੇਰੇ ਹੀ ਵੋਟਾਂ ਭੁਗਤਾ ਕੇ ਆਉਣ ਦੀ ਅਪੀਲ ਵੀ ਕੀਤੀ।
Comments
Post a Comment